ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040316

ਪੰਜਾਬੀ ਨਾਵਲ ਦੇ ਨਾਰੀ ਪਾਤਰ : ਬਦਲਦੇ ਸੰਦਰਭ

Punjabi Naval De Nari Patar: Badlde Sandarbh

ਡਾ. ਪਰਮਜੀਤ ਕੌਰ ਸਿੱਧੂ (Dr. Parmjeet Kaur Sidhu)
ਐਸੋਸੀਏਟ ਪ੍ਰੋਫ਼ੈਸਰ ਅਤੇ ਮੁਖੀ (Associate Professor & Chairperson)
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ-160014
ORCID: 0009-0005-9987-8562

Abstract (ਸਾਰ):

ਇਸ ਖੋਜ-ਪੱਤਰ ਵਿੱਚ ਪੰਜਾਬੀ ਨਾਵਲ ਦੇ ਵਿਕਾਸ-ਕ੍ਰਮ ਦੇ ਵੱਖ-ਵੱਖ ਪੜਾਵਾਂ ਵਿੱਚ ਸਿਰਜੇ ਗਏ ਨਾਰੀ ਪਾਤਰਾਂ ਦੇ ਬਦਲਦੇ ਸਰੂਪ, ਸੰਦਰਭ ਅਤੇ ਚੇਤਨਾ ਦਾ ਅਧਿਐਨ ਕੀਤਾ ਗਿਆ ਹੈ। ਅਧਿਐਨ ਦਾ ਮੂਲ ਆਧਾਰ ਇਹ ਧਾਰਨਾ ਹੈ ਕਿ ਸਾਹਿਤਕ ਪਾਤਰ ਆਪਣੇ ਸਮਾਜਿਕ-ਸਭਿਆਚਾਰਕ ਪਰਿਵੇਸ਼ ਤੋਂ ਨਿਖੜੇ ਹੋਏ ਨਹੀਂ ਹੁੰਦੇ, ਸਗੋਂ ਉਹ ਆਪਣੇ ਸਮੇਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਮਾਨਤਾਵਾਂ, ਸੱਤਾ-ਸੰਬੰਧਾਂ ਅਤੇ ਅੰਤਰ-ਵਿਰੋਧਾਂ ਨੂੰ ਆਪਣੇ ਵਿੱਚ ਸਮੋਈ ਰੱਖਦੇ ਹਨ। ਇਸੇ ਪ੍ਰਸੰਗ ਵਿੱਚ ਪੰਜਾਬੀ ਨਾਵਲ ਦੇ ਨਾਰੀ ਪਾਤਰਾਂ ਨੂੰ ਬਦਲਦੇ ਸਮਾਜਿਕ ਸੰਦਰਭਾਂ ਦੇ ਸਮਾਂਤਰ ਵਾਚਿਆ ਗਿਆ ਹੈ। ਅਧਿਐਨ ਲਈ ਭਾਈ ਵੀਰ ਸਿੰਘ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ ਅਤੇ ਸਮਕਾਲੀ ਪੰਜਾਬੀ ਨਾਵਲਕਾਰਾਂ ਸਮੇਤ ਮਨਮੋਹਨ ਬਾਵਾ, ਬਲਬੀਰ ਪਰਵਾਨਾ, ਜਸਵਿੰਦਰ, ਸੁਰਿੰਦਰ ਨੀਰ ਅਤੇ ਪਰਵਾਸੀ ਨਾਵਲਕਾਰਾਂ ਮਹਿੰਦਰਪਾਲ ਸਿੰਘ ਧਾਲੀਵਾਲ, ਸੰਤੋਖ ਧਾਲੀਵਾਲ, ਨਕਸ਼ਦੀਪ ਪੰਜਕੋਹਾ ਅਤੇ ਬਲਵੀਰ ਕੌਰ ਸੰਘੇੜਾ ਦੀਆਂ ਚੋਣਵੀਆਂ ਰਚਨਾਵਾਂ ਨੂੰ ਆਧਾਰ ਬਣਾਇਆ ਗਿਆ ਹੈ। ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਨਾਵਲ ਵਿੱਚ ਨਾਰੀ ਦਾ ਬਿੰਬ ਮੁੱਢਲੇ ਦੌਰ ਦੀ ਸਤਵੰਤੀ, ਤਿਆਗਮਈ ਅਤੇ ਆਦਰਸ਼ਕ ਨਾਰੀ ਤੋਂ ਵਿਕਸਤ ਹੁੰਦਾ ਹੋਇਆ ਸਮਾਜਿਕ ਅਨਿਆਂ ਪ੍ਰਤੀ ਸੁਚੇਤ, ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਅਤੇ ਆਪਣੀ ਸੁਤੰਤਰ ਹੋਂਦ ਦੀ ਪਛਾਣ ਪ੍ਰਤੀ ਜਾਗਰੂਕ ਨਾਰੀ ਤੱਕ ਪਹੁੰਚਦਾ ਹੈ। ਸਮਕਾਲੀ ਅਤੇ ਪਰਵਾਸੀ ਪੰਜਾਬੀ ਨਾਵਲ ਵਿੱਚ ਨਾਰੀ ਦੀਆਂ ਅੰਤਰਮੁਖਤਾਵਾਂ, ਦੇਹ, ਇੱਛਾ, ਆਜ਼ਾਦੀ, ਆਰਥਿਕ ਸਵੈ-ਨਿਰਭਰਤਾ, ਪਛਾਣ ਅਤੇ ਫ਼ੈਸਲਾ-ਸਮਰੱਥਾ ਨਾਲ ਜੁੜੇ ਨਵੇਂ ਪੱਖ ਵੀ ਉਭਰਦੇ ਹਨ। ਇਸ ਦੇ ਬਾਵਜੂਦ ਪੰਜਾਬੀ ਨਾਵਲ ਵਿੱਚ ਨਾਰੀ ਦਾ ਭਾਰੂ ਬਿੰਬ ਅਜੇ ਵੀ ਰਵਾਇਤੀ ਹੈ ਅਤੇ ਉਹ ਬਹੁਤ ਵਾਰ ਸਹਾਇਕ ਪਾਤਰ ਦੀ ਭੂਮਿਕਾ ਤੱਕ ਸੀਮਿਤ ਰਹਿੰਦੀ ਹੈ। ਇਸ ਲਈ ਬਦਲਦੇ ਸਮੇਂ ਦੀ ਸੁਤੰਤਰ, ਬਹੁ-ਪੱਖੀ ਅਤੇ ਸ਼ਕਤੀਸ਼ਾਲੀ ਨਾਰੀ ਦਾ ਸੰਪੂਰਨ ਗਲਪੀ ਬਿੰਬ ਪੰਜਾਬੀ ਨਾਵਲ ਵਿੱਚ ਅਜੇ ਤਕ ਭਰਵੇਂ ਰੂਪ ਵਿੱਚ ਨਹੀਂ ਉਭਰ ਸਕਿਆ।
ਕੀਵਰਡ (Keywords):
ਨਾਵਲ, ਪਾਤਰਾਂ ਦਾ ਰਚਨਾਤਮਕ ਅਮਲ, ਨਾਰੀ ਪਾਤਰ, ਨਾਰੀ ਚੇਤਨਾ, ਨਾਰੀ ਹੋਂਦ, ਪਿਤਰਕੀ, ਸਮਾਜਿਕ-ਸਭਿਆਚਾਰਕ ਸੰਦਰਭ।