Paper ID: ARMN040220
ਖੰਡਰ ਤੋਂ ਵਿਆਕਰਣ ਤੱਕ: ‘ਦ ਵੇਸਟ ਲੈਂਡ’ ਅਤੇ 'ਜੰਗ ਦੀ ਹਾਰ' ਦਾ ਕਾਵਿ-ਸੰਰਚਨਾਤਮਕ ਵਿਸ਼ਲੇਸ਼ਣ
Khandar Ton Vyakarn Tak: 'The Waste Land' Ate 'Jang Di Haar' Da Kaav-Sanrachnatamak Vishleshan
Abstract (ਸਾਰ):
ਇਹ ਖੋਜ-ਪੱਤਰ ਦੋ ਕਵਿਤਾਵਾਂ ਨੂੰ ਕੇਂਦਰ ਵਿੱਚ ਰੱਖਦਾ ਹੈ; ਟੀ ਐਸ ਐਲੀਅਟ ਦੀ ਅੰਗਰੇਜ਼ੀ ਕਵਿਤਾ ‘ਦ ਵੇਸਟ ਲੈਂਡ’ ਅਤੇ ਅਮਰਜੀਤ ਗਰੇਵਾਲ ਦੀ ਪੰਜਾਬੀ ਕਵਿਤਾ ‘ਜੰਗ ਦੀ ਹਾਰ’। ਪਹਿਲੀ ਕਵਿਤਾ ਵੀਹਵੀਂ ਸਦੀ ਦੀ ਆਧੁਨਿਕ ਸਭਿਆਚਾਰਕ ਟੁੱਟ-ਭੱਜ, ਆਤਮਕ ਰੁੱਖੇਪਣ ਅਤੇ ਅਰਥ-ਸੰਕਟ ਦਾ ਮਹਾਕਾਵਿਕ-ਵਿਖੰਡਿਤ ਰੂਪ ਹੈ; ਦੂਜੀ ਕਵਿਤਾ ਅਜਿਹੇ ਯੁੱਗ ਦੀ ਕਾਵਿਕ ਪੜ੍ਹਤ ਹੈ ਜਿੱਥੇ ਜੰਗ, ਬਿਰਤਾਂਤਕਾਰੀ, ਭਾਸ਼ਾ, ਤਕਨਾਲੋਜੀ, ਡਾਟਾ, ਰਾਜ ਅਤੇ ਨੈਤਿਕ ਖਾਲੀਪਨ ਇਕੱਠੇ ਹੋ ਕੇ ਮਨੁੱਖੀ ਸੰਸਾਰ ਨੂੰ ਨਵੀ ਕਿਸਮ ਦੀ ਵੇਸਟ ਲੈਂਡ ਵਿੱਚ ਬਦਲ ਰਹੇ ਹਨ। ਸਾਡਾ ਮਕਸਦ ਸਿਰਫ਼ ਦੋ ਕਵਿਤਾਵਾਂ ਦੀ ਤੁਲਨਾ ਕਰਨ ਤੱਕ ਮਹਿਦੂਦ ਨਹੀਂ। ਕੁੱਝ ਪ੍ਰਸ਼ਨ ਉਤਪੰਨ ਕਰਨਾ ਵੀ ਹੈ। ਮਿਸਾਲ ਦੇ ਤੌਰ' ਤੇ ਕਿ ਕੀ ਕਵਿਤਾ ਦੀ ਪ੍ਰਕਿਰਤੀ, ਭੂਮਿਕਾ, ਕਾਵਿਕਤਾ, ਰੂਪਕ-ਸਿਰਜਣ ਅਤੇ ਮਨੁੱਖੀ ਜ਼ਿੰਮੇਵਾਰੀ ਸਮੇਂ ਦੇ ਨਾਲ ਬਦਲਦੀ ਹੈ? ਜੇ ਬਦਲਦੀ ਹੈ ਤਾਂ ਕਿਵੇਂ? ਕੀ ਆਧੁਨਿਕਤਾ ਦੀ ਖੰਡਰ-ਚੇਤਨਾ ਤੋਂ ਸਮਕਾਲੀ ਜੰਗੀ-ਵਿਆਕਰਣ ਦੀ ਕਵਿਤਾ ਤੱਕ ਕੋਈ ਖਾਸ ਕਾਵਿਕ ਰੂਪਾਂਤਰਣ ਨਜ਼ਰ ਆਉੰਦਾ ਹੈ? ਕੀ ਕਵਿਤਾ ਹੁਣ ਸਿਰਫ਼ ਟੁੱਟ-ਭੱਜ ਦੀ ਗੂੰਜ ਨਹੀਂ ਰਹੀ, ਸਗੋਂ ਟੁੱਟ-ਭੱਜ ਪੈਦਾ ਕਰਨ ਵਾਲੀ ਭਾਸ਼ਾ ਅਤੇ ਬਿਰਤਾਂਤਕਾਰੀ ਦੀ ਨਕਾਬਕੁਸ਼ਾਈ ਵੀ ਕਰਦੀ ਹੈ? ‘ਦ ਵੇਸਟ ਲੈਂਡ’ ਅਤੇ 'ਜੰਗ ਦੀ ਹਾਰ' ਦੇ ਵਿਚਕਾਰ ਸੰਬੰਧ ਸਿਰਫ਼ ਪ੍ਰਭਾਵ ਦਾ ਨਹੀਂ, ਸਗੋਂ ਇਤਿਹਾਸਕ ਕਾਵਿਕ ਚੇਤਨਾ ਦੇ ਵਿਕਾਸ ਦਾ ਵੀ ਹੈ। ਜਿੱਥੇ ਐਲੀਅਟ ਦੀ ਕਵਿਤਾ ਖੰਡਰ ਦਾ ਸੰਗੀਤ ਹੈ; ਉੱਥੇ ਅਮਰਜੀਤ ਗਰੇਵਾਲ ਦੀ ਕਵਿਤਾ ਖੰਡਰ ਪੈਦਾ ਕਰਨ ਵਾਲੀ ਵਿਆਕਰਣ ਦਾ ਮੁਕੱਦਮਾ ਹੈ। ਐਲੀਅਟ ਦੀ ਕਵਿਤਾ ਵਿੱਚ ਵੇਸਟ ਲੈਂਡ ਆਧੁਨਿਕ ਮਨੁੱਖ ਦੇ ਅੰਦਰੂਨੀ ਅਤੇ ਸਭਿਆਚਾਰਕ ਵਿਖੰਡਨ ਦੀ ਪ੍ਰਤੀਕ ਹੈ; ਜੰਗ ਦੀ ਹਾਰ ਵਿੱਚ ਵੇਸਟ ਲੈਂਡ ਨੈੱਟਵਰਕਡ, ਐਲਗੋਰਿਦਮਿਕ, ਬਿਰਤਾਂਤ ਰਾਹੀਂ ਸੰਚਾਲਿਤ ਹੈ। ਉਹ ਸਿਰਫ਼ ਬਰਬਾਦ ਧਰਤੀ ਨਹੀਂ, ਬਰਬਾਦੀ ਦੀ ਗਲੋਬਲ ਵਿਆਕਰਣ ਹੈ। ਇਹ ਕਵਿਤਾ ਕੇਵਲ ਸਾਹਿਤਕ ਰੂਪ ਹੀਂ ਨਹੀਂ ਮਨੁੱਖੀ ਸਭਿਆਚਾਰ ਦੀ ਗਹਿਰੀ ਸੰਵੇਦਨਾਤਮਕ-ਦਾਰਸ਼ਨਿਕ ਵਿਆਖਿਆ ਵੀ ਹੈ। ਜਿੱਥੇ ਜੰਗ, ਭਾਸ਼ਾ, ਇਤਿਹਾਸ, ਤਕਨਾਲੋਜੀ, ਯਾਦ, ਕਰੁਣਾ ਅਤੇ ਨਵੀਂ ਮਨੁੱਖਤਾ ਦੀ ਸੰਭਾਵਨਾ ਦੇ ਸਵਾਲ ਇਕੱਠੇ ਉਭਰਦੇ ਹਨ।
ਕੀਵਰਡ (Keywords):
ਬਹੁਸੁਰਤਾ, ਵਿਸੰਗਤੀ, ਕਾਵਿਕ-ਚੇਤਨਾ, ਅਸਤਿਤਵਕ, ਦਾਰਸ਼ਨਿਕ, ਸੰਰਚਨਾਤਮਕ, ਵਿਖੰਡਨ, ਬਿਰਤਾਂਤਕਾਰੀ।