Paper ID: ARMN040218
ਪੰਜਾਬੀ ਲੋਕਗੀਤ ਦਾ ਸਭਿਆਚਾਰਕ ਅਧਿਐਨ: ਬਾਲ-ਕਾਲ ਦੇ ਪ੍ਰਸੰਗ ਵਿਚ
Punjabi Lokgeet Da Sabhiacharak Adhyayan: Baal-Kaal De Prasang Vich
Abstract (ਸਾਰ):
ਪੰਜਾਬੀ ਲੋਕ ਗੀਤ ਸਾਡੇ ਅਮੀਰ ਸਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹਨ ਜੋ ਮਨੁੱਖੀ ਜੀਵਨ ਦੇ ਹਰ ਪੜਾਅ ਦੀ ਤਰਜਮਾਨੀ ਕਰਦੇ ਹਨ। ਪ੍ਰਸਤੁਤ ਖੋਜ-ਪੱਤਰ ਵਿੱਚ 'ਬਾਲ ਕਾਲ' ਦੇ ਪ੍ਰਸੰਗ ਵਿੱਚ ਪੰਜਾਬੀ ਲੋਕ ਗੀਤਾਂ ਦਾ ਸਭਿਆਚਾਰਕ ਅਤੇ ਸਮਾਜਿਕ ਵਿਸ਼ਲੇਸ਼ਣ ਕੀਤਾ ਗਿਆ ਹੈ। ਬਚਪਨ ਮਨੁੱਖੀ ਸ਼ਖ਼ਸੀਅਤ ਦੀ ਨੀਂਹ ਹੁੰਦਾ ਹੈ ਅਤੇ ਲੋਕਗੀਤ ਇਸ ਨੀਂਹ ਨੂੰ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਸਿੰਜਣ ਦਾ ਅਹਿਮ ਕਾਰਜ ਕਰਦੇ ਹਨ। ਇਸ ਅਧਿਐਨ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਲੋਰੀਆਂ, ਥਾਲ, ਕਿੱਕਲੀ, ਅਤੇ ਖੇਡ-ਗੀਤ ਬੱਚੇ ਦੇ ਮਾਨਸਿਕ, ਭਾਸ਼ਾਈ ਅਤੇ ਸਮਾਜਿਕ ਵਿਕਾਸ ਵਿੱਚ ਸਹਾਈ ਹੁੰਦੇ ਹਨ। ਲੋਰੀਆਂ ਜਿੱਥੇ ਬੱਚੇ ਨੂੰ ਮਾਂ ਦੀ ਮਮਤਾ ਅਤੇ ਸੁਰੱਖਿਆ ਦਾ ਅਹਿਸਾਸ ਕਰਵਾਉਂਦੀਆਂ ਹਨ, ਉੱਥੇ ਹੀ ਖੇਡ-ਗੀਤ ਬੱਚਿਆਂ ਵਿੱਚ ਸਮੂਹਿਕ ਸਾਂਝ ਅਤੇ ਨੈਤਿਕਤਾ ਦੀ ਭਾਵਨਾ ਪੈਦਾ ਕਰਦੇ ਹਨ। ਨਿਸ਼ਕਰਸ਼ ਵਜੋਂ ਅਜੋਕੇ ਮਸ਼ੀਨੀ ਅਤੇ ਡਿਜੀਟਲ ਯੁੱਗ ਵਿੱਚ ਇਹ ਲੋਕ ਗੀਤ ਅਲੋਪ ਹੋ ਰਹੇ ਹਨ। ਇਹ ਖੋਜ ਪੱਤਰ ਇਹਨਾਂ ਦੇ ਪੁਨਰ-ਸੁਰਜੀਤੀ ਦੀ ਲੋੜ 'ਤੇ ਜ਼ੋਰ ਦਿੰਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੁੜੀ ਰਹਿ ਸਕੇ।
ਕੀਵਰਡ (Keywords):
ਲੋਕ ਗੀਤ, ਬਾਲ-ਕਾਲ, ਸਭਿਆਚਾਰ, ਲੋਰੀਆਂ, ਖੇਡ-ਗੀਤ, ਸਮਾਜੀਕਰਨ।