Paper ID: ARMN040208
ਮਨੁੱਖੀ ਮਨ ਦਾ ਅਧਿਐਨ: 'ਜੈਵਿਕ ਪ੍ਰਵਿਰਤੀਆਂ' ਦੇ ਫਰਾਇਡੀਅਨ ਮਾਡਲ ਤੋਂ 'ਸਮਾਜਿਕ ਗਤੀਸ਼ੀਲਤਾ' ਦੇ ਨਿਓ-ਫਰਾਇਡੀਅਨ ਮਾਡਲ ਤੱਕ ਦਾ ਗੁਣਾਤਮਿਕ ਵਿਕਾਸ
Manukhi Mann Da Adhiyan: ‘Jaivik Pravritiyan' De Freudian Model Toh ‘Samajik Gatishilta' De Neo-Freudian Model Tak Da Gunatmak Vikas
Abstract (ਸਾਰ):
ਇਸ ਅਧਿਐਨ ਦਾ ਮੁੱਖ ਉਦੇਸ਼ ਮਨੁੱਖੀ ਮਨ ਦੀ ਸੰਰਚਨਾ ਅਤੇ ਵਿਵਹਾਰਕ ਪ੍ਰਕਿਰਿਆਵਾਂ ਨੂੰ ਸਮਝਣ ਲਈ ਫਰਾਇਡੀਅਨ ਅਤੇ ਨਿਓ-ਫਰਾਇਡੀਅਨ ਮਾਡਲ ਦੇ ਗੁਣਾਤਮਿਕ ਵਿਕਾਸ ਦੀ ਪੜਤਾਲ ਕਰਨਾ ਹੈ। ਫਰਾਇਡ ਦਾ ਮਨੋਵਿਗਿਆਨਕ ਮਾਡਲ ਮਨੁੱਖੀ ਵਿਵਹਾਰ ਨੂੰ ਮੁੱਖ ਤੌਰ ਉੱਤੇ ਜੈਵਿਕ ਪ੍ਰੇਰਣਾਵਾਂ, ਅਵਚੇਤਨ ਮਨ ਅਤੇ ਅੰਦਰੂਨੀ ਮਨੋ-ਸੰਘਰਸ਼ਾਂ ਨਾਲ ਜੋੜਦਾ ਹੈ ਜਿੱਥੇ ਇਦ, ਈਗੋ ਅਤੇ ਸੁਪਰਈਗੋ ਦੇ ਵਿਚਕਾਰ ਸੰਤੁਲਨ ਮਨੁੱਖੀ ਵਿਵਹਾਰ ਤੇ ਸ਼ਖ਼ਸੀਅਤ ਦੇ ਵਿਕਾਸ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਇਸ ਦੇ ਗੁਣਾਤਮਿਕ ਵਿਕਾਸ ਦੇ ਰੂਪ ਵਿੱਚ ਨਿਓ-ਫਰਾਇਡੀਅਨ ਚਿੰਤਕ ਜਿਵੇਂ ਕਿ ਕਾਰਲ ਯੁੰਗ, ਐਲਫ੍ਰੇਡ ਐਡਲਰ, ਐਰਿਕ ਐਰਿਕਸਨ, ਕੈਰਨ ਹੋਰਨੀ, ਐਰਿਕ ਫ੍ਰੋਮ ਅਤੇ ਹੈਰੀ ਸਟੈਕ ਸੁਲਿਵਨ ਆਦਿ ਮਨੁੱਖੀ ਵਿਵਹਾਰ ਤੇ ਸ਼ਖ਼ਸੀਅਤ ਦੇ ਵਿਕਾਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਅੰਤਰ-ਵਿਅਕਤੀਗਤ ਤੱਤਾਂ ਨੂੰ ਅਹਿਮ ਮੰਨਦੇ ਹੋਏ ਮਨੁੱਖ ਨੂੰ ਇੱਕ ਸਮਾਜਿਕ ਪ੍ਰਾਣੀ ਦੇ ਰੂਪ ਵਿੱਚ ਵੇਖਦੇ ਹਨ। ਪ੍ਰਸਤੁਤ ਖੋਜ ਪੱਤਰ ਵਿੱਚ ਗੁਣਾਤਮਕ ਵਿਧੀ ਦੀ ਵਰਤੋਂ ਰਾਹੀਂ ਉਪਰੋਕਤ ਦੋਵੇਂ ਮਾਡਲ ਦੀਆਂ ਸਿਧਾਂਤਕ ਵੱਖਰਤਾਵਾਂ ਅਤੇ ਸਮਾਨਤਾਵਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦੇ ਹੋਏ ਇਹਨਾਂ ਦੀ ਗੁਣਾਤਮਕ ਵਿਕਾਸ ਰੇਖਾ ਨੂੰ ਤੈਅ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿੱਥੇ ਫਰਾਇਡੀਅਨ ਮਾਡਲ ਮਨ ਦੇ ਅੰਦਰੂਨੀ ਸੰਘਰਸ਼ਾਂ, ਦਮਿਤ ਇੱਛਾਵਾਂ ਅਤੇ ਅਵਚੇਤਨ ਪ੍ਰੇਰਣਾਵਾਂ ਨੂੰ ਵਿਵਹਾਰ ਦਾ ਮੁੱਖ ਕਾਰਕ ਮੰਨਦਾ ਹੋਇਆ ਮਨੋ-ਲਿੰਗਕ ਮਾਡਲ ਨੂੰ ਸਥਾਪਿਤ ਕਰਦਾ ਹੈ, ਉੱਥੇ ਨਿਓ-ਫਰਾਇਡੀਅਨ ਦ੍ਰਿਸ਼ਟੀਕੋਣ ਇਸ ਵਿੱਚ ਵਾਧਾ ਕਰਦੇ ਹੋਏ ਬਾਹਰੀ ਸਮਾਜਿਕ ਸੰਰਚਨਾਵਾਂ, ਸੱਭਿਆਚਾਰਕ ਮੁੱਲਾਂ ਅਤੇ ਮਨੁੱਖੀ ਸੰਬੰਧਾਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੋਇਆ ਮਨੋ-ਸਮਾਜਿਕ ਮਾਡਲ ਨੂੰ ਸਥਾਪਿਤ ਕਰਦਾ ਹੈ। ਇਹਨਾਂ ਚਿੰਤਕਾਂ ਨੇ ਇਹ ਸਿੱਧ ਕੀਤਾ ਹੈ ਕਿ ਮਨੁੱਖੀ ਮਨ ਦਾ ਵਿਕਾਸ ਕੇਵਲ ਅੰਦਰੂਨੀ ਜੈਵਿਕ ਪ੍ਰੇਰਨਾਵਾਂ ਦਾ ਨਤੀਜਾ ਨਹੀਂ, ਸਗੋਂ ਇਹ ਬਾਹਰੀ ਸਮਾਜਿਕ ਰਿਸ਼ਤਿਆਂ, ਸਭਿਆਚਾਰਕ ਚੌਗਿਰਦੇ ਅਤੇ ਅੰਤਰ-ਵਿਅਕਤੀਗਤ ਸੰਵਾਦ ਦੀ ਇਕ ਜੀਵੰਤ ਪ੍ਰਕਿਰਿਆ ਹੈ।
ਕੀਵਰਡ (Keywords):
ਫਰਾਇਡੀਅਨ ਮਾਡਲ, ਨਿਓ-ਫਰਾਇਡੀਅਨ ਸਿਧਾਂਤ, ਅਵਚੇਤਨ ਮਨ, ਵਿਵਹਾਰ, ਸਮਾਜਿਕ ਕਾਰਕ, ਗੁਣਾਤਮਿਕ ਅਧਿਐਨ।