Articles
Authors and Affiliations:
DOI: 10.64119/armaan.vol.3.issue3.18
DOI URL: https://doi.org/10.64119/armaan.vol.3.issue3.18
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਨਾਵਲ ਦਾ ਸਿਰਲੇਖ ‘ਏਹੁ ਹਮਾਰਾ ਜੀਵਣਾ’ ਬਾਬਾ ਫ਼ਰੀਦ ਜੀ ਦੇ ਸਲੋਕ ‘ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥ ਏਹੁ ਹਮਾਰਾ ਜੀਵਣਾ ਤੂੰ ਸਾਹਿਬ ਸਚੇ ਵੇਖੁ॥’ ਉੱਪਰ ਆਧਾਰਿਤ ਹੈ। ਦਲੀਪ ਕੌਰ ਟਿਵਾਣਾ ਨੇ ਇਸ ਛੋਟੀ ਜਿਹੀ ਰਚਨਾ ਵਿਚ ਭਾਰਤੀ ਸਮਾਜ ਦੇ ਵੱਡੇ ਦੁਖਾਂਤ/ਵਿਸ਼ੇ ਨੂੰ ਛੋਹਿਆ ਹੈ। ਇਸ ਨਾਵਲ ਵਿਚ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚਲੀ ਔਰਤ ਦੀ ਮਾਨਸਿਕ ਅਤੇ ਸਮਾਜਕ ਦਸ਼ਾ ਨੂੰ ਬਾਖ਼ੂਬੀ ਪ੍ਰਸਤੁਤ ਕੀਤਾ ਹੈ। ਨਾਵਲ ਵਿਚ ਦਲੀਪ ਕੌਰ ਟਿਵਾਣਾ ਨੇ ਔਰਤ ਦੀ ਸਮਾਜਕ ਦਸ਼ਾ ਨੂੰ ਜਿਸ ਬਾਰੀਕੀ ਨਾਲ ਪ੍ਰਸਤੁਤ ਕੀਤਾ ਹੈ ਉਸ ਨੂੰ ਪੜ੍ਹ ਕੇ ਭਾਵੁਕ, ਸੁਹਿਰਦ ਅਤੇ ਜਾਗਦੀ ਜ਼ਮੀਰ ਰੱਖਣ ਵਾਲਾ ਪਾਠਕ ਨਾਵਲ ਦੀ ਮੁੱਖ ਪਾਤਰ ਭਾਨੋਂ ਨਾਲ ਹਮਦਰਦੀ ਵਿਚ ਰੋਏ ਅਤੇ ਗ਼ਮਗੀਨ ਹੋਏ ਬਿਨਾਂ ਨਹੀਂ ਰਹਿ ਸਕਦਾ। ਹਿੰਦੁਸਤਾਨ ਦੀ ਤਾਰੀਖ਼ ਦਾ ਅਧਿਐਨ ਕੀਤਾ ਜਾਵੇ ਤਾਂ ਇਸ ਸਮਾਜ ਵਿਚ ਸ਼ੁਰੂ ਤੋਂ ਹੀ ਔਰਤਾਂ ਨਾਲ ਅਨਿਆਂ ਹੁੰਦਾ ਆਇਆ ਹੈ। ਭਾਵੇਂ ਕਿ ਸਮੇਂ ਸਮੇਂ ਉੱਪਰ ਸਮਾਜ ਸੁਧਾਰਕਾਂ ਨੇ ਔਰਤ ਦੇ ਹੱਕਾਂ ਵਿਚ ਆਵਾਜ਼ ਵੀ ਬੁਲੰਦ ਕੀਤੀ ਹੈ, ਪਰੰਤੂ ਔਰਤਾਂ ਨਾਲ ਭੇਦ-ਭਾਵ/ਸ਼ੋਸ਼ਣ ਦਾ ਖ਼ਾਤਮਾ ਅਜੋਕੇ ਸਮਾਜ ਤਕ ਵੀ ਨਹੀਂ ਹੋ ਸਕਿਆ। 13 ਵੀਂ ਸਦੀ(1236 ਈ. ਤੋਂ 1240 ਈ. ਤਕ) ਵਿਚ ਰਜ਼ੀਆ ਬੇਗ਼ਮ ਦਾ ਦਿੱਲੀ ਦੀ ਸਲਤਨਤ ਉੱਪਰ ਰਾਜ ਸੀ। ਪਰੰਤੂ ਮਰਦ ਪ੍ਰਧਾਨ ਸਮਾਜ ਨੂੰ ਇਕ ਔਰਤ ਦਾ ਰਾਜ ਗੱਦੀ ਉੱਪਰ ਬਿਰਾਜਮਾਨ ਹੋਣਾ ਸਵੀਕਾਰ ਨਹੀਂ ਸੀ ਜਿਸ ਦੀ ਵਜ੍ਹਾ ਕਰਕੇ ਮਰਦ ਪ੍ਰਧਾਨ ਸਮਾਜ ਨੇ ਰਜ਼ੀਆ ਬੇਗ਼ਮ ਦਾ ਕਤਲ ਕਰ ਦਿੱਤਾ। ਬਾਬਾ ਫ਼ਰੀਦ ਜੀ ਦਾ ਸਮਾਂ ਵੀ ਲਗਭਗ ਰਜ਼ੀਆ ਬੇਗ਼ਮ ਦੇ ਸ਼ਾਸਨਕਾਲ ਵਾਲਾ ਹੀ ਸੀ, ਉਸ ਸਮੇਂ ਦੇ ਸਮਾਜਕ ਦਰਦ ਨੂੰ ਬਾਬਾ ਫ਼ਰੀਦ ਜੀ ਆਪਣੇ ਸਲੋਕ ਵਿਚ ਲਿਖਦੇ ਹਨ: “ਏਹੁ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ”। ਬਾਬਾ ਫ਼ਰੀਦ ਜੀ ਦੇ ਇਸ ਸਲੋਕ ਵਿਚ ਸਮਾਜਕ ਜੀਵਨ ਦੀ ਦੁਰਦਸ਼ਾ ਨੂੰ ਪ੍ਰਸਤੁਤ ਕੀਤਾ ਹੈ, ਜਿਸ ਨੂੰ ਆਧਾਰ ਬਣਾ ਕੇ ਲੇਖਿਕਾ ਨੇ ਆਪਣੇ ਨਾਵਲ ਵਿਚ ਔਰਤ ਦੀ ਮਾਨਸਿਕਤਾ ਅਤੇ ਸਮਾਜਕ ਸਥਿਤੀ ਨੂੰ ਪ੍ਰਸਤੁਤ ਕੀਤਾ ਹੈ। ਨਾਵਲ ਦੀ ਪਾਤਰ ਭਾਨੋਂ ਨੂੰ ਇਕ ਔਰਤ ਹੋਣ ਕਾਰਨ ਸਮਾਜਕ ਪੱਧਰ ਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਸ ਕਾਰਨ ਉਹ ਮਾਨਸਿਕ ਅਤੇ ਸਰੀਰਕ ਸੰਤਾਪ ਵੀ ਭੋਗਦੀ ਹੈ।
ਕੀਵਰਡ (Keyword): ਅਮਲੀ, ਨਸ਼ਾ, ਬਚਨੀ, ਭਾਨੋਂ, ਸੰਤੀ, ਵਿਆਹ, ਔਰਤ, ਬੇਔਲਾਦ।